ਦ ਪੰਜਾਬ ਰਿਪੋਰਟ ਜਲੰਧਰ :- ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਆਮ ਆਦਮੀ ਪਾਰਟੀ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਨੀਵਾਰ ਨੂੰ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸਿਰਫ ਦਲਿਤ ਵਿਰੋਧੀ ਨੀਤੀਆਂ ਅਪਣਾਈਆਂ ਹਨ ਅਤੇ ਅਜਿਹੇ ਫੈਸਲੇ ਲਏ ਹਨ, ਜਿਸ ਨਾਲ ਦਲਿਤ ਭਾਈਚਾਰੇ ਦਾ ਅਪਮਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਿਰਫ ਦਿਖਾਵਾ ਕਰਨ ਵਾਸਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀਆਂ ਫੋਟੋਆਂ ਨੂੰ ਦਫ਼ਤਰਾਂ ਵਿੱਚ ਲਗਾਇਆ ਹੈ, ਜਦੋਂ ਕਿ ਸਰਕਾਰ ਨੇ ਆਈ. ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵਿਖੇ ਬਣ ਰਹੇ ਅਤਿ-ਆਧੁਨਿਕ ਡਾ. ਬੀ. ਆਰ. ਅੰਬੇਡਕਰ ਮਿਊਜ਼ੀਅਮ ਦਾ ਕੰਮ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦੇ ਜੀਵਨ, ਕਾਰਜਾਂ ਅਤੇ ਫਲਸਫੇ ਨੂੰ ਸਮਰਪਿਤ 150 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਮਹਾਨ ਵਿਦਵਾਨ ਅਤੇ ਸਮਾਜ ਸੁਧਾਰਕ ਦੀ ਸ਼ਾਨਦਾਰ ਵਿਰਾਸਤ ਨੂੰ ਸਮਰਪਿਤ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ।
ਸਾਬਕਾ ਵਿਧਾਇਕਾਂ ਤਰਲੋਚਨ ਸਿੰਘ ਸੂੰਢ, ਇੰਦਰਬੀਰ ਸਿੰਘ ਬੋਲਾਰੀਆ ਅਤੇ ਸੁਖਪਾਲ ਸਿੰਘ ਭੁੱਲਰ ਦੇ ਨਾਲ ਵਿਧਾਇਕ ਵਿਕਰਮਜੀਤ ਚੌਧਰੀ ਨੇ ਫਿਲੌਰ ਵਿਧਾਨ ਸਭਾ ਹਲਕੇ ਦੇ ਮਸੰਦਪੁਰ, ਗੁੜ੍ਹਾ, ਜੌਹਲ, ਚੱਕ ਦੇਸਰਾਜ, ਕਾਲੇ ਅਤੇ ਇੰਦਨਾ ਕਲਸਕੇ ਪਿੰਡਾਂ ਵਿਖੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਫਿਲੌਰ ਵਿਧਾਇਕ ਨੇ ਕਿਹਾ ਕਿ ‘ਆਪ’ ਸਰਕਾਰ ਨੇ ਗਰੀਬਾਂ ਅਤੇ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਲਈ ਨਵੀਆਂ ਸਕੀਮਾਂ ਸ਼ੁਰੂ ਕਰਨ ਦੀ ਬਜਾਏ ਪਹਿਲਾਂ ਤੋਂ ਚੱਲ ਰਹੇ ਪ੍ਰੋਗਰਾਮਾਂ ਨੂੰ ਵੀ ਬੰਦ ਕਰ ਦਿੱਤਾ ਹੈ।
ਉਹਨਾਂ ਆਖਿਆ, “ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦਾ ਖ਼ਿਲਾਫ਼ੀਆਂ ਦੀ ਸੂਚੀ ਕਾਫੀ ਲੰਬੀ ਹੈ। ਉਨ੍ਹਾਂ ਨੇ ਦਲਿਤ ਡਿਪਟੀ ਸੀਐਮ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇੱਕ ਸਾਲ ਤੋਂ ਵੱਧ ਬੀਤ ਜਾਣ ’ਤੇ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਖਾਲੀ ਅਸਾਮੀਆਂ ਲਈ ਐਸ ਸੀ ਭਾਈਚਾਰੇ ਦੇ ਵਕੀਲਾਂ ਨੂੰ ਰਾਖਵੇਂਕਰਨ ਦਾ ਲਾਭ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਡਾ ਬੀ ਆਰ ਅੰਬੇਡਕਰ ਮਿਊਜ਼ੀਅਮ ਦਾ ਕੰਮ ਰੋਕ ਦਿੱਤਾ। ਉਨ੍ਹਾਂ ਨੇ ਸ਼ਗਨ ਸਕੀਮ ਨੂੰ ਬੰਦ ਕਰ ਦਿੱਤਾ, ਜਿਸ ਨਾਲ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲਦਾ ਸੀ। ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ ਦਿੱਤੀ ਗਈ 25 ਕਰੋੜ ਰੁਪਏ ਦੀ ਗਰਾਂਟ ਵਾਪਸ ਲੈ ਲਈ। ਇੰਨਾ ਹੀ ਨਹੀਂ, ਵਿਜੀਲੈਂਸ ਬਿਊਰੋ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਦਲਿਤ ਆਗੂ ਹੋਣ ਕਾਰਨ ਨਿਸ਼ਾਨਾ ਬਣਾਇਆ ਅਤੇ ਅੰਬੇਡਕਰ ਜਯੰਤੀ ਵਾਲੇ ਦਿਨ ਤਲਬ ਕੀਤਾ। ‘ਆਪ’ ਸਰਕਾਰ ਵੱਲੋਂ ਦਲਿਤ ਭਾਈਚਾਰੇ ਨਾਲ ਕੀਤਾ ਗਏ ਧੋਖੇ ਬੇਮਿਸਾਲ ਹਨ।”
ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ ‘ਆਪ’ ਨੂੰ ਦਲਿਤ ਵਿਰੋਧੀ ਫੈਸਲਿਆਂ ਲਈ 10 ਮਈ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਸਾਰੇ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੋਟਾਂ ਪਾਉਣਗੇ।




